Home >>Punjab

Punjab News: ਤਿੰਨ ਪੁਲਿਸ ਅਧਿਕਾਰੀਆਂ 'ਤੇ ਮੁਕੱਦਮਾ ਦਰਜ ਹੋਣ ਮਗਰੋਂ ਵਿਭਾਗ ਨੇ ਕੀਤੇ ਤਬਾਦਲੇ

Punjab News: ਰਿਸ਼ਵਤ ਮਾਮਲੇ ਵਿੱਚ ਘਿਰੇ ਤਿੰਨ ਪੁਲਿਸ ਅਧਿਕਾਰੀਆਂ ਉਪਰ ਮੁਕੱਦਮਾ ਦਰਜ ਹੋਣ ਤੋਂ ਬਾਅਦ ਉਨ੍ਹਾਂ ਦੇ ਪੁਲਿਸ ਵਿਭਾਗ ਨੇ ਤਬਾਦਲੇ ਕਰ ਦਿੱਤੇ ਹਨ।

Advertisement
Punjab News: ਤਿੰਨ ਪੁਲਿਸ ਅਧਿਕਾਰੀਆਂ 'ਤੇ ਮੁਕੱਦਮਾ ਦਰਜ ਹੋਣ ਮਗਰੋਂ ਵਿਭਾਗ ਨੇ ਕੀਤੇ ਤਬਾਦਲੇ
Stop
Ravinder Singh|Updated: Jun 03, 2023, 02:50 PM IST

Punjab News: ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਸੁਖੀਆ ਦੇ ਇੱਕ ਡੇਰੇ ਦੇ ਮਹੰਤ ਦਿਆਲ ਦਾਸ ਦੇ ਸਾਲ 2019 ਵਿੱਚ ਹੋਏ ਕਤਲ ਮਾਮਲੇ ਵਿੱਚ ਮੁਦਈ ਪੱਖ ਤੋਂ ਕਥਿਤ ਡਰਾ ਧਮਕਾ ਕੇ 50 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ 20 ਲੱਖ ਰੁਪਏ ਵਸੂਲਣ ਦੇ ਮਾਮਲੇ ਵਿਚ ਬੀਤੇ ਕੱਲ੍ਹ ਫਰੀਦਕੋਟ ਪੁਲਿਸ ਨੇ ਥਾਣਾ ਸਦਰ ਕੋਟਕਪੂਰਾ ਵਿਖੇ ਫਰੀਦਕੋਟ ਦੇ ਐਸਪੀ ਗਗਨੇਸ਼ ਕੁਮਾਰ, ਡੀਐਸਪੀ ਸੁਸ਼ੀਲ ਕੁਮਾਰ ਅਤੇ ਸਬ ਇੰਸਪੈਕਟਰ ਖੇਮ ਚੰਦ ਪ੍ਰਾਸ਼ਰ ਸਮੇਤ ਕੁੱਲ 5 ਲੋਕਾਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ।

ਇਸ ਸਬੰਧੀ ਅੱਜ ਜਾਣਕਾਰੀ ਦਿੰਦਿਆ ਐਸਐਸਪੀ ਫਰੀਦਕੋਟ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਨਾਮਜ਼ਦ ਤਿੰਨਾਂ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਕਿਸੇ ਦੀ ਵੀ ਗ੍ਰਿਫਤਾਰੀ ਸਬੰਧੀ ਹਾਲੇ ਕੁਝ ਵੀ ਸਾਫ ਨਹੀਂ ਹੋ ਸਕਿਆ।

ਕੀ ਹੇ ਪੂਰਾ ਮਾਮਲਾ?
ਮਾਮਲਾ ਸਾਲ 2019 ਦਾ ਹੈ ਜਦੋਂ 9 ਨਵੰਬਰ ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਕੋਟਸੁਖੀਆ ਦੇ ਡੇਰੇ ਦੇ ਮੁੱਖ ਸੇਵਾਦਾਰ ਸੰਤ ਬਾਬਾ ਦਿਆਲ ਦਾਸ ਦਾ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਡੇਰੇ ਅੰਦਰ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵਿਭਾਗ ਵੱਲੋਂ ਕਤਲ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ।

ਉਸ ਸਮੇਂ ਬਣੀ ਵਿਸ਼ੇਸ਼ ਜਾਂਚ ਟੀਮ ਨੇ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ ਬਾਬਾ ਦਿਆਲ ਦਾਸ ਦਾ ਡੇਰੇ ਦੀ ਗੱਦੀ ਨੂੰ ਲੈ ਕੇ ਉਨ੍ਹਾਂ ਦੇ ਹੀ ਚੇਲੇ ਸੰਤ ਜਰਨੈਲ ਦਾਸ ਕਪੂਰੇ ਵਾਲੇ ਜ਼ਿਲ੍ਹਾ ਮੋਗਾ ਨਾਲ ਵਿਵਾਦ ਚੱਲ ਰਿਹਾ ਸੀ। ਇਸ ਦੌਰਾਨ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਫੜ੍ਹੇ ਗਏ ਸਨ ਪਰ ਇਸ ਮਾਮਲੇ ਵਿਚ ਮੁੱਖ ਦੋਸ਼ੀ ਐਲਾਨੇ ਗਏ ਸੰਤ ਜਰਨੈਲ ਦਾਸ ਕਪੂਰੇ ਵਾਲਿਆ ਦੀ ਗ੍ਰਿਫਤਾਰੀ ਨਹੀਂ ਸੀ ਹੋਈ।

ਸੰਤ ਜਰਨੈਲ ਦਾਸ ਵੱਲੋਂ ਖੁਦ ਨੂੰ ਬੇਗੁਨਾਹ ਦੱਸਦਿਆ ਤਤਕਾਲੀ ਡੀਆਈਜੀ ਫਰੀਦਕੋਟ ਨੂੰ ਇਨਕੁਆਰੀ ਲਈ ਦਰਖਾਸਤ ਦਿੱਤੀ ਗਈ ਸੀ ਜਿਸ ਦੀ ਜਾਂਚ ਮੋਗਾ ਦੇ ਇੱਕ ਡੀਐਸਪੀ ਵੱਲੋਂ ਕੀਤੀ ਗਈ ਸੀ ਜਿਸ ਵਿੱਚ ਸੰਤ ਜਰਨੈਲ ਦਾਸ ਨੂੰ ਨਿਰਦੋਸ਼ ਸਾਬਤ ਕੀਤਾ ਗਿਆ ਸੀ ਜਿਸ ਦਾ ਪਤਾ ਜਦ ਮੁਦਈ ਪੱਖ ਦੇ ਸੰਤ ਬਾਬਾ ਗਗਨਦਾਸ ਨੂੰ ਲੱਗਿਆ ਤਾਂ ਉਨ੍ਹਾਂ ਨੇ ਮੁੜ ਪੁਲਿਸ ਦੇ ਉੱਚ ਅਧਿਕਾਰੀਆ ਤੇ ਪੰਜਾਬ ਸਰਕਾਰ ਰਾਹੀਂ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਸੀ, ਜਿਸ ਉਤੇ ਆਈਜੀ ਫਰੀਦਕੋਟ ਵੱਲੋਂ ਮਾਮਲੇ ਦੀ ਜਾਂਚ ਲਈ 4 ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਐਸਪੀ(ਡੀ) ਫਰੀਦਕੋਟ ਗਗਨੇਸ਼ ਕੁਮਾਰ, ਡੀਐਸਪੀ ਪੀਬੀਆਈ ਫਰੀਦਕੋਟ ਸੁਸ਼ੀਲ ਕੁਮਾਰ, ਡੀਐਸਪੀ ਬਾਘਾਪੁਰਾਣਾ ਜਸਜੋਤ ਸਿੰਘ ਤੇ ਐਸਆਈ ਖੇਮ ਚੰਦ ਪ੍ਰਾਸ਼ਰ ਨੂੰ ਮੈਂਬਰ ਬਣਾਇਆ ਗਿਆ ਸੀ।

ਇਸ ਐਸਆਈਟੀ ਦੇ 4 ਮੈਂਬਰਾਂ ਵਿਚੋਂ 3 ਮੈਂਬਰਾਂ ਤੇ 2 ਉਨ੍ਹਾਂ ਦੇ ਸਹਿਯੋਗੀ ਪ੍ਰਾਈਵੇਟ ਬੰਦਿਆਂ ਉਤੇ ਬਾਬਾ ਗਗਨ ਦਾਸ ਨੇ ਦੋਸ਼ ਲਗਾਏ ਸਨ ਕਿ ਉਨ੍ਹਾਂ ਨੇ ਜਾਂਚ ਦੌਰਾਨ ਉਨ੍ਹਾਂ ਤੋਂ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਜਿਸ ਦੀ 35 ਲੱਖ ਰੁਪਏ ਵਿੱਚ ਐਡਜਸਟਮੈਂਟ 2 ਪ੍ਰਾਈਵੇਟ ਬੰਦਿਆਂ ਨੇ ਕਰਵਾਈ ਸੀ। 20 ਲੱਖ ਰੁਪਏ ਉਕਤ ਐਸਆਈਟੀ ਦੇ 3 ਮੈਂਬਰਾਂ ਨੇ ਆਪਣੇ 2 ਪ੍ਰਾਈਵੇਟ ਬੰਦਿਆਂ ਦੇ ਸਾਹਮਣੇ ਵਸੂਲ ਲਏ ਸਨ ਅਤੇ ਬਾਕੀ ਪੈਸਿਆ ਲਈ ਦਬਾਅ ਪਾਇਆ ਜਾ ਰਿਹਾ ਸੀ।

ਆਪਣੇ ਇਨ੍ਹਾਂ ਦੋਸ਼ਾਂ ਸਬੰਧੀ ਬਾਬਾ ਗਗਨ ਦਾਸ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਆਪਣਾ ਇੱਕ ਹਲਫੀਆ ਬਿਆਨ ਦੇ ਕੇ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਦੀ ਇਨਕੁਆਰੀ ਡੀਆਈਜੀ ਫਿਰੋਜ਼ਪੁਰ ਰੇਂਜ ਵੱਲੋਂ ਕੀਤੀ ਗਈ ਸੀ, ਜਿਸ ਦੇ ਚੱਲਦੇ ਬੀਤੇ ਕੱਲ੍ਹ ਫਰੀਦਕੋਟ ਵਿਖੇ ਆ ਕੇ ਵਿਜੀਲੈਂਸ ਵਿਭਾਗ ਦੀ ਟੀਮ ਨੇ ਤਿੰਨਾਂ ਪੁਲਿਸ ਅਧਿਕਾਰੀਆ ਤੋਂ ਪੁੱਛਗਿੱਛ ਕੀਤੀ ਸੀ।

ਪੁੱਛਗਿੱਛ ਤੋਂ ਬਾਅਦ ਬੇਸ਼ੱਕ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਸੀ ਕੀਤਾ ਗਿਆ ਪਰ ਸ਼ਾਮ ਕਰੀਬ 4 ਵਜੇ ਫਰੀਦਕੋਟ ਪੁਲਿਸ ਵੱਲੋਂ ਡੀਆਈਜੀ ਫਿਰੋਜਪੁਰ ਰੇਂਜ ਵੱਲੋਂ ਕੀਤੀ ਗਈ ਜਾਂਚ ਰਿਪੋਰਟ ਦੇ ਆਧਾਰ ਉਤੇ ਤਿੰਨਾਂ ਪੁਲਿਸ ਅਧਿਕਾਰੀਆਂ ਤੇ ਉਨ੍ਹਾਂ ਦੇ ਦੋ ਪ੍ਰਾਈਵੇਟ ਸਾਥੀਆਂ ਸਮੇਤ 5 ਲੋਕਾਂ ਉਤੇ ਮੁਕੱਦਮਾ ਨੰਬਰ 64 ਥਾਣਾ ਸਦਰ ਕੋਟਕਪੂਰਾ ਵਿਖੇ ਦਰਜ ਕੀਤਾ ਗਿਆ ਸੀ। ਪੁਲਿਸ ਵੱਲੋਂ ਮੁਕੱਦਮਾ ਦਰਜ ਕੀਤੇ ਜਾਣ ਤੋਂ ਪਹਿਲਾਂ ਜਾਂ ਬਾਅਦ ਵਿਚ ਹਾਲੇ ਤੱਕ ਇਹ ਸਾਫ ਨਹੀਂ ਕੀਤਾ ਗਿਆ ਕਿ ਇਸ ਮਾਮਲੇ ਵਿਚ ਨਾਮਜ਼ਦ ਤਿੰਨਾਂ ਪੁਲਿਸ ਅਧਿਕਾਰੀਆਂ ਜਾਂ ਪ੍ਰਾਈਵੇਟ ਬੰਦਿਆਂ ਵਿਚੋਂ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ ਜਾ ਨਹੀਂ।

ਇਸ ਪੂਰੇ ਮਾਮਲੇ ਸਬੰਧੀ ਜਦ ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਿੰਡ ਕੋਟ ਸੁਖੀਆ ਦੇ ਡੇਰੇ ਦੇ ਸੇਵਾਦਾਰ ਸੰਤ ਦਿਆਲ ਦਾਸ ਦੇ ਕਤਲ ਮਾਮਲੇ ਵਿੱਚ ਮੁਦਈ ਪੱਖ ਨੇ ਵਿਸ਼ੇਸ਼ ਜਾਂਚ ਟੀਮ ਉਤੇ ਇਲਜ਼ਾਮ ਲਗਾਏ ਸਨ ਕਿ ਉਨ੍ਹਾਂ ਵੱਲੋਂ ਆਈਜੀ ਫਰੀਦਕੋਟ ਦੇ ਨਾਮ ਉਤੇ ਮੁੱਦਈ ਪੱਖ ਤੋਂ 50 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਤੇ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਤਿੰਨ ਪੁਲਿਸ ਅਧਿਕਾਰੀਆਂ ਐਸਪੀ, ਡੀਐਸਪੀ ਅਤੇ ਐਸਆਈ ਨੇ ਕੁਝ ਪੈਸੇ ਵੀ ਵਸੂਲੇ ਸਨ।

ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਦਰ ਕੋਟਕਪੂਰਾ ਵਿੱਚ ਮੁਕੱਦਮਾ ਨੰਬਰ 64 ਦਰਜ ਕੀਤਾ ਗਿਆ ਹੈ ਤੇ ਤਿੰਨਾਂ ਪੁਲਿਸ ਅਧਿਕਾਰੀਆਂ ਦੀ ਤੁਰੰਤ ਬਦਲੀ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : Odisha Train Accident : ਕਿਵੇਂ ਵਾਪਰਿਆ ਕੋਰੋਮੰਡਲ ਐਕਸਪ੍ਰੈਸ ਹਾਦਸਾ, ਜਾਣੋ ਹਰ ਸਵਾਲ ਦਾ ਜਵਾਬ, ਹੁਣ ਤੱਕ 233 ਲੋਕਾਂ ਦੀ ਮੌਤ

Read More
{}{}